World News

ਮਿਲਟਰੀ ਬੇਸ ’ਤੇ ਭਿਆਨਕ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 19 ਦੀ ਹਾਲਤ ਨਾਜ਼ੁਕ

By jatinder singh • Punjab Times UK Editorial Desk
ਮਿਲਟਰੀ ਬੇਸ ’ਤੇ ਭਿਆਨਕ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 19 ਦੀ ਹਾਲਤ ਨਾਜ਼ੁਕ

ਕੈਨੇਡਾ ਦੇ ਅਲਬਰਟਾ ਸਥਿਤ ਇੱਕ ਮਿਲਟਰੀ ਬੇਸ ’ਤੇ ਲਾਈਵ-ਫਾਇਰ ਜੰਗੀ ਅਭਿਆਸ ਦੌਰਾਨ ਤੇਜ਼ੀ ਨਾਲ ਫੈਲੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕੈਨੇਡੀਅਨ ਫ਼ੌਜ ਦੇ 4 ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 39 ਹੋਰ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਅਨੁਸਾਰ ਜ਼ਖ਼ਮੀਆਂ ਵਿੱਚੋਂ 19 ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਮੇਜਰ ਜਨਰਲ ਵੇਡ ਰੁਟਲੈਂਡ ਨੇ ਐਤਵਾਰ ਨੂੰ ਦੱਸਿਆ ਕਿ ਮਿਲਟਰੀ ਅਧਿਕਾਰੀਆਂ ਨੂੰ ਕਈ ਘੰਟਿਆਂ ਤੋਂ ਅੱਗ ਬਾਰੇ ਜਾਣਕਾਰੀ ਸੀ, ਪਰ ਉਨ੍ਹਾਂ ਦਾ ਮੰਨਣਾ ਸੀ ਕਿ ਅੱਗ 'ਤੇ ਕਾਬੂ ਪਾਇਆ ਹੋਇਆ ਹੈ ਅਤੇ ਸਿਖਲਾਈ ਜਾਰੀ ਰੱਖੀ ਜਾ ਸਕਦੀ ਹੈ। ਪਰ ਅਚਾਨਕ ਹਵਾ ਦਾ ਰੁਖ਼ ਬਦਲ ਗਿਆ ਅਤੇ ਤੇਜ਼ ਲਪਟਾਂ ਨੇ ਜਵਾਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ।

ਐਡਮੰਟਨ ’ਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦੱਸਿਆ, “ਜਦੋਂ ਹਵਾ ਦਾ ਰੁਖ਼ ਬਦਲਿਆ, ਉਦੋਂ ਅੱਗ ਇੱਕ ਕਿਲੋਮੀਟਰ ਦੂਰ ਸੀ। ਅੱਗ ਦਾ ਸਿਰਫ਼ 36 ਸੈਕਿੰਡਾਂ ਵਿੱਚ ਇੱਕ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਨਾ ਇੱਕ ਅਸਾਧਾਰਨ ਘਟਨਾ ਹੈ।” ਰੁਟਲੈਂਡ ਨੇ ਮੌਕੇ ’ਤੇ ਮੌਜੂਦ ਇੱਕ ਕਮਾਂਡਰ ਦੇ ਹਵਾਲੇ ਨਾਲ ਦੱਸਿਆ ਕਿ ਫ਼ੌਜੀਆਂ ਨੂੰ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਅੱਗ ਨੇ ਚਾਰੇ ਪਾਸਿਓਂ ਘੇਰ ਲਿਆ।