UK & Diaspora

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਐਡਿਨਬਰਾ ’ਚ ਪ੍ਰਦਰਸ਼ਨ

By Bhupinder / Staff • Punjab Times UK Editorial Desk
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਐਡਿਨਬਰਾ ’ਚ ਪ੍ਰਦਰਸ਼ਨ

ਗਲਾਸਗੋ, (ਹਰਜੀਤ ਸਿੰਘ ਦੁਸਾਂਝ) - ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਦੀ ਐਡਿਨਬਰਾ ਵੱਲੋਂ ਸਕਾਟਲੈਂਡ ਦੀ ਰਾਜਧਾਨੀ ਵਿਚ ਭਾਰਤੀ ਕੌਂਸਲਖ਼ਾਨੇ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਭਾਰਤ ਵਿਚ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਜਮਹੂਰੀ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਦੇ ਸਮਰਥਨ ਵਿਚ ਇਕੱਠੇ ਹੋਏ ਵਿਦਿਆਰਥੀਆਂ ਅਤੇ ਸਮਰਥਕਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ।

    ਜਥੇਬੰਦੀ ਵੱਲੋਂ ਜਾਰੀ ਬਿਆਨ ਅਨੁਸਾਰ ਕੜਾਕੇ ਦੀ ਠੰਢ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਐੱਸ.ਐੱਫ਼.ਆਈ. ਐਡਿਨਬਰਾ ਦੇ ਸਕੱਤਰ ਅਤੇ ਬਰਤਾਨਵੀ ਕਮੇਟੀ ਦੇ ਮੈਂਬਰ ਕਾਮਰੇਡ ਅਭਿਨਵ ਨੇ ਕਿਹਾ ਕਿ ਆਪਣੇ ਦੇਸ਼ ਤੋਂ ਦੂਰ ਰਹਿਣ ਦੇ ਬਾਵਜੂਦ ਜਮਹੂਰੀਅਤ ਅਤੇ ਇਨਸਾਫ਼ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਟੁੱਟ ਹੈ। ਉਨ੍ਹਾਂ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਜਮਹੂਰੀ ਹੱਕਾਂ ਅਤੇ ਜਵਾਬਦੇਹੀ ਲਈ ਉੱਠ ਰਹੀ ਆਵਾਜ਼ ਨੂੰ ਵਿਦੇਸ਼ਾਂ ਵਿਚ ਵਸਦੇ ਵਿਦਿਆਰਥੀਆਂ ਦਾ ਸਮਰਥਨ ਮਿਲਦਾ ਰਹੇਗਾ।

    ਐੱਸ.ਐੱਫ਼.ਆਈ. ਬਰਤਾਨੀਆ ਨੇ ਆਪਣੇ ਬਿਆਨ ਵਿਚ ਐਲਾਨ ਕੀਤਾ ਕਿ ਉਹ ਪਿੱਛੇ ਨਹੀਂ ਹਟੇਗੀ ਅਤੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੇ ਜਮਹੂਰੀ ਜਵਾਬਦੇਹੀ ਬਹਾਲ ਹੋਣ ਤੱਕ ਸੜਕਾਂ ’ਤੇ ਸੰਘਰਸ਼ ਜਾਰੀ ਰੱਖੇਗੀ। ਪ੍ਰਦਰਸ਼ਨ ਦੌਰਾਨ ਭਾਗੀਦਾਰਾਂ ਨੇ ਜਥੇਬੰਦੀ ਦੇ ਝੰਡੇ ਅਤੇ ਮੰਗਾਂ ਸਬੰਧੀ ਤਖ਼ਤੀਆਂ ਫੜ ਕੇ ਭਾਰਤ ਵਿਚਲੇ ਪ੍ਰਦਰਸ਼ਨਕਾਰੀਆਂ ਨਾਲ ਇਕਜੁੱਟਤਾ ਪ੍ਰਗਟਾਈ।

ਤਸਵੀਰ: ਐਡਨਬਰਾ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਐਡਿਨਬਰਾ ਦੇ ਕਾਰਕੁਨ 

ਤਸਵੀਰ: ਹਰਜੀਤ ਸਿੰਘ ਦੁਸਾਂਝ